ਦ ਆਰਟਿਸਟ (ਪੁਸਤਕ ਰਿਵਿਊ) - ਸੁਖਵਿੰਦਰ ਰਾਜ ਸਿੰਘ



        ਹਰ ਲੇਖਕ ਦੀ ਸ਼ਇਰੀ ਵਿਚ ਉਸਦਾ ਨਿੱਜ ਲੁਕਿਆ ਹੁੰਦਾ ਹੈ। ਲੇਖਕ ਹੱਡਬੀਤੀ ਵੀ ਲਿਖਦਾ ਹੈ ਅਤੇ ਜੱਗਬੀਤੀ ਵੀ। ਹਰ ਤਰਾਂ ਦੇ ਕਲਾਕਾਰ ਚਾਹੇ ਉਹ ਸ਼ਾਇਰ ਹੈ, ਗਾਇਕ ਹੈ, ਅਦਾਕਾਰ ਹੈ ਜਾਂ ਫੇਰ ਕੋਈ ਚਿਤਰਕਾਰ । ਅਜਿਹੇ ਲੋਕ ਜਿੰਨ੍ਹਾਂ ਵਿਚ ਪਰਮਾਤਮਾ ਨੇ ਕਲਾ ਦਾ ਹੁਨਰ ਪਾਇਆ ਹੈ, ਜੋ ਕਲਾਕਾਰ ਅਖਵਾਉਂਦੇ ਨੇ, ਉਹਨਾਂ ਵਿਚੋਂ ਕਾਫੀ ਸਾਰੇ ਆਪਣੀ ਜ਼ਿੰਦਗੀ ਦੇ ਅਖੀਰਲੇ ਦਿਨਾਂ ਵਿਚ ਆਪਣੀਆਤਮਕਥਾ ਲਿਖਣਾ ਪਸੰਦ ਕਰਦੇ ਨੇ ਤਾਂ ਜੋ ਉਹਨਾਂ ਦੇ ਸ਼ੁਭ ਚਿੰਤਕ, ਉਹਨਾਂ ਨੂੰ ਚਹੁੰਣ ਵਾਲੇ ਉਹਨਾਂ ਦੇ ਨਿੱਜੀ ਜੀਵਨ ਬਾਰੇ ਵੀ ਜਾਣ ਸਕਣ। ਲੋਕ ਉਹਨਾਂ ਨੂੰ ਇਕ ਕਲਾਕਾਰ ਤੋਂ ਹਟ ਕੇ ਵੀ ਵੇਖ ਸਕਣ। ਸਰੋਤਿਆਂ ਦੀ ਵੀ ਦਿਲੀ ਖਾਹਸ਼ ਹੁੰਦੀ ਹੈ ਕਿ ਉਹ ਆਪਣੇ ਮਨਪਸੰਦ ਕਲਾਕਾਰ ਦੇ ਨਿੱਜੀ ਜੀਵਨ, ਉਸਦੀ ਨਿੱਜੀ ਜ਼ਿੰਦਗੀ ਅਤੇ ਉਸਦੇ ਸੰਘਰਸ਼ ਬਾਰੇ ਜਾਨਣ। ਏਸੇ ਲਈ ਕਈ ਕਲਾਕਾਰ ਆਪਣੇ ਜ਼ਿੰਦਗੀ ਦੇ ਦਿਨਾਂ ਚਾਹੇ ਉਹ ਪਰਦੇ ਦੇ ਪਿਛੇ ਦੀ ਜ਼ਿੰਦਗੀ ਹੋਵੇ ਜਾਂ ਪਰਦੇ ਦੇ ਉਪਰਲੀ, ਉਸਨੂੰ ਆਪਣੀ ਆਤਮਕਥਾ ਵਿਚ ਦਰਜ ਕਰਦੇ ਹਨ। ਅਜਿਹੇ ਹੀ ਇਕ ਕਲਾਕਾਰ, ਇੱਕ ਅਦਾਕਾਰ ਦੀ ਲਿਖੀ ਆਤਮਕਥਾ ਹੈ “ਦ ਆਰਟਿਸਟ”
        “ਦ ਆਰਟਿਸਟ” ਨਾਵਲ ਦਾ ਲੇਖਕ “ਦੀਪ ਦਾਤੇਵਾਸ” ਕਾਫੀ ਡੂੰਗੀ ਸੋਚ ਦਾ ਮਾਲਕ ਪ੍ਰਤੀਤ ਹੁੰਦਾ ਹੈ। ਉਸਦਾ ਨਾਵਲ ਪੜ੍ਹ ਕੇ ਲੱਗਦਾ ਹੈ ਕਿ ਜਾਂ ਤਾਂ ਉਹ ਅੰਗਰੇਜ੍ਰੀ ਦੇ ਨਾਵਲ ਪੜ੍ਹਦਾ ਹੋਣਾ ਜਾਂ ਫੇਰ ਅੰਗਰੇਜ਼ੀ ਫਿਲਮਾਂ ਵੇਖਦਾ ਹੋਣਾ। ਉਸਦਾ ਨਾਵਲ ਕਿਸੇ ਹਾਲੀਵੂਡ ਫਿਲਮ ਦੀ ਕਹਾਣੀ ਜਿਹਾ ਲੱਗਦਾ ਹੈ। ਨਾਵਲ ਪੜ੍ਹ ਕਿ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਇਸ ਉਪਰ ਫਿਲਮਬਣ ਸਕਦੀ ਹੈ। ਨਾਵਲ ਵਿਚਲੇ ਕਿੰਨੇ ਹੀ ਕਿਰਦਾਰ, ਸਾਰੇ ਹੀ ਕਿਰਦਾਰਾਂ ਨੂੰ ਕਿਸ ਤਰਾਂ ੳਹ ਆਪਣੀਆਂ ਉਂਗਲਾਂ ਉਪਰ ਨਚਾਈ ਰੱਖਦਾ ਹੈ। ਜਿਵੇਂ ਕਠਪੁਤਲੀਆਂ ਨੂੰ ਨਚਾਇਆ ਜਾਂਦਾ ਹੈ। ਸਾਰੇ ਕਿਰਦਾਰ ਉਸਨੇ ਕਿਸ ਤਰਾਂ ਸਾਂਭ-ਸਾਂਭ ਦੇ ਵਰਤੇ ਨੇ ਜਿਵੇਂ ਕੋਈ ਆਪਣੇ ਤਰਕਸ਼ ਵਿਚ ਤੀਰ ਸਾਂਭ ਕੇ ਰੱਖਦਾ ਹੈ ਤੇ ਸਮਾਂ ਆਉਣ ਤੇ ਉਹਨਾਂ ਦਾ ਨਿਸ਼ਾਨਾ ਸਾਧਦਾ ਹੈ।
        “ਦ ਆਰਟਿਸਟ” ਇਕ ਆਤਮਕਥਾ ਹੈ ਇੱਕ ਅਜਿਹੇ ਅਸਫ਼ਲ ਅਦਾਕਾਰ ਦੀ ਜੋ ਸਫ਼ਰ ਤੇ ਚੱਲ ਕੇ ਸਫ਼ਰ ਹੋ ਜਾਂਦਾ ਹੈ। ਉਸਦੀ ਜ਼ਿੰਦਗੀ ਵਿਚ ਅੰਤਾਂ ਦੇ ਦੁੱਖ ਤਕਲੀਫਾਂ ਆਉਂਦੇ ਨੇ, ਪਰ ਉਹ ਇਹ ਸੋਚ ਕੇ ਉੁਹਨਾਂ ਦੁੱਖਾਂ ਨੂੰ ਝੱਲਦਾ ਰਹਿੰਦਾ ਹੈ ਕਿ ਕਦੇ ਤਾਂ ਸਮਾਂ ਚੰਗੇ ਦਿਨ ਲੈ ਕੇ ਆਵੇਗਾ ਪਰ ਉਹ ਸਮਾਂ ਕਦੇ ਵੀ ਨਹੀਂ ਆਉਂਦਾ, ਤੇ ਬੁਢਾਪੇ ਵਿਚ ਕਿਸਤਰਾਂ ਉਹ ਆਪਣੇ ਬਚਪਨ ਵਿਚ ਵਾਪਸ ਜਾਣਾ ਲੋਚਦਾ ਹੈ ਜਿੱਥੇ ਹਰ ਦਿਨ ਬੇਪਰਵਾਹੀ ਦਾ ਸੀ। ਪਰ ਬਚਪਨ ਕਿਥੋਂ ਥਿਆਇਆ ਕਰਦੇ ਨੇ। ਮਾਂ ਵੱਲੋਂ ਯੋਧਾ ਬਣਾ ਕੇ ਭੇਜੇ ਆਪਣੇ ਪੁੱਤ ਦੀ ਕਹਾਣੀ ਹੈ “ਦ ਆਰਟਿਸਟ” ਜੋ ਕਿ ਸੋਚਦੀ ਹੈ ਕਿ ਉਸਦਾ ਪੁੱਤ ਸਿਕੰਦਰ ਬਣਕੇ ਆਵੇਗਾ ਜਿਸ ਸਿਕੰਦਰ ਨੇ ਦੁਨੀਆ ਜਿੱਤੀ ਸੀ, ਪਰ ਉਸਦਾ ਪੁੱਤ ਤਾਂ ਆਪ ਹੀ ਹਾਲਾਤਾਂ ਦਾ ਮਾਰਿਆ ਹਰ ਮੋੜ ਤੇ ਵਿਕ ਜਾਂਦਾ ਹੈ। ਇਹ ਕਹਾਣੀ ਹੈ ਇਕਰੰਗਮੰਚ ਦੀ ਮਸ਼ਹੂਰ ਅਦਾਕਾਰ ਦੀ ਜਿਸਨੂੰ ਆਪਣੇ ਹੀ ਪਤੀ ਦਾ ਕਤਲ ਕਰਨਾਂ ਪੈਂਦਾ ਹੈ, ਤੇ ਜੋ ਆਪਣੇ ਪੁੱਤ ਨੂੰ ਅਦਾਕਾਰ ਬਣਾਉਣ ਲਈ ਸਭ ਕੁਝ ਤਿਆਗ ਕਰ ਦਿੰਦੀ ਹੈ। ਇਹਕਹਾਣੀ ਹੈ ਉਸ ਮਹਿਬੂਬਾ ਦੇ ਸਬਰ ਦੀ ਜਿਸਦਾ ਸਬਰ, ਸਬਰ ਹੀ ਰਹਿ ਗਿਆ ਤੇ ਉਡੀਕ ਅਮਰ ਵੇਲ ਦੀ ਹਾਨਣ ਹੁੰਦੀ ਗਈ। ਇਹ ਕਹਾਣੀ ਹੈ ਮਜਬੂਰੀ ਵੱਸ ਵੇਸਵਾ ਦੇ ਧੰਦੇ ਵਿਚ ਪਈਆਂ ਔਰਤਾਂ ਦੀ ਜਿੰਨ੍ਹਾਂ ਨੂੰ ਕੋਈ ਨਹੀਂ ਮਿਲਿਆ ਜੋ ਹੱਥ ਫੜ੍ਹ ਕੇ ਉਹਨਾਂ ਨੂੰ ਇਸ ਨਰਕ ਵਿਚੋਂ ਕੱਢ ਕੇ ਲੈ ਜਾਂਦਾ।
        ਲੇਖਕ “ਦੀਪ ਦਾਤੇਵਾਸ” ਨੇ ਬਹੁਤ ਵਧੀਆ ਤਰੀਕੇ ਨਾਲ ਨਾਵਲ ਵਿਚ ਕਿਰਦਾਰਾਂਦਾ ਚਿਤਰਨ ਕੀਤਾ ਹੈ। ਕਈ ਗੱਲਾਂ ਅਜਿਹੀਆਂ ਵੀ ਨੇ ਜੋ ਨਾਵਲ ਵਿਚ ਵਾਰ-ਵਾਰ ਆਉਂਦੀਆਂ ਨੇ ਤੇ ਨਾਵਲ ਨੂੰ ਸ਼ਾਇਦ ਬੇਵਜਾਹ ਲੰਮਾ ਕਰਦੀਆਂ ਨੇ। ਪਰ ਫੇਰ ਵੀ ਉਸਦੀ ਪਹਿਲੀ ਕੋਸ਼ਿਸ਼ ਨੂੰ ਵੇਖਦੇ ਹੋਏ ਥੋੜੀਆਂ ਬਹੁਤ ਤਰੁੱਟੀਆਂ ਨੂੰ ਅੱਖੋਂ ਓਹਲੇ ਕੀਤਾਜਾ ਸਕਦਾ ਹੈ। ਉਸਦੀ ਕੋਸ਼ਿਸ਼ ਵਧੀਆ ਹੈ। ਉਸ ਕੋਲ ਲਿਖਣ ਦਾ ਖੂਬਸੂਰਤ ਢੰਗ ਹੈ। ਮੈਂ ਚਾਹਵਾਂਗਾ ਕਿ ਉਹ ਪੁਰਾਣੇ ਤੇ ਅਜੋਕੇ ਪੰਜਾਬ ਦੇ ਪਿੰਡਾਂ ਦੇ ਕਿਰਦਾਰਾਂ ਜਿਹੀਆਂ, ਸਾਡੇ ਪੰਜਾਬੀ ਸੱਭਿਆਚਾਰ ਜਿਹੀਆਂ ਕਹਾਣੀਆਂ ਨੂੰ ਵੀ ਆਪਣੇ ਨਾਵਲਾਂ ਦਾ ਹਿੱਸਾ ਬਣਾਵੇ। ਪੰਜਾਬੀ ਦੇ ਪੁਰਾਣੇ ਨਾਵਲ ਪੜ੍ਹ ਕੇ ਉਹਨਾਂ ਵਰਗੀਆਂ ਗਾਥਾਵਾਂ ਦਾ ਵੀ ਖੂਬਸੂਰਤ ਚਿਤਰਨ ਕਰੇ। ਉਸਦਾ ਨਾਵਲ ਪੜ੍ਹ ਕੇ ਮੈਨੂੰ ਲੱਗਦਾ ਹੈ ਕਿ ਉਹ ਅਜਿਹਾ ਕਰ ਸਕਦਾ ਹੈ। ਮੈਂ ਉਸ ਤੋਂ ਭਵਿੱਖ ਵਿਚ ਇਸ ਗੱਲ ਦੀ ਆਸ ਕਰਦਾ ਹਾਂ। ਉਹ ਆਪਣੇ ਨਾਵਲ ਵਿਚ ਸਫਲ ਹੋਵੇ ਮੈਂ ਉਸਦੇ ਪਹਿਲੇ ਨਾਵਲ ਲਈ ਉਸਨੂੰ ਵਧਾਈ ਦਿੰਦਾ ਹਾਂ।
ਸ਼ੁਭ ਕਾਮਨਾਵਾਂ
ਸੁਖਵਿੰਦਰ ਰਾਜ ਸਿੰਘ
ਜਿਲ੍ਹਾ ਮਾਨਸਾ