Writer's Page

        ਸ਼ਾਇਦ 4 ਜਾਂ 5 ਸਾਲ ਹੋ ਚੁੱਕੇ ਹੋਣਗੇ, ਜਦੋਂ ਮੈਨੂੰ ਪਤਾ ਲੱਗਿਆ ਬੀਤੀ ਸਦੀ ਦਾ ਮਸ਼ਹੂਰ ਸਿਤਾਰਾ ਸਤੀਸ਼ ਕੋਲ ਬਨੂੜ ਦੇ ਇੱਕ ਹਸਪਤਾਲ, ਗਿਆਨ ਸਾਗਰ ਹਸਪਤਾਲ ਵਿਚ ਬਹੁਤ ਹੀ ਤਰਸਯੋਗ ਹਾਲਤ ਵਿੱਚ ਪਿਐ। ਮੈਂ ਤੇ ਮੇਰਾ ਦੋਸਤ ਜਗਦੀਪ ਬੱਛੋਆਣਾ ਚੰਡੀਗੜ੍ਹ ਗਏ ਹੋਏ ਸੀ, ਆਉਂਦੇ ਹੋਏ ਸੋਚਿਆ ਸਤੀਸ਼ ਜੀ ਨੂੰ ਮਿਲ ਕੇ ਆਈਏ। ਪਹਿਲਾਂ ਤਾਂ ਸਾਨੂੰ ਮਨਾ ਕਰ ਦਿੱਤਾ ਹਸਪਤਾਲ ਵਾਲਿਆਂ ਨੇ ਕਿ ਅਨਜਾਣ ਨੂੰ ਮਿਲਣ ਨਹੀਂ ਦਿੰਦੇ ਅਸੀਂ ਪਰ ਜਦੋਂ ਅਸੀਂ ਦੱਸਿਆ ਕਿ ਅਸੀਂ ਮਾਨਸਾ ਤੋਂ ਆਏ ਹਾਂ ਤਾਂ ਐਮਰਜੈਂਸੀ ਰਸਤੇ ਵੱਲੋਂ ਸਾਨੂੰ ਇਕੱਲੇ ਇਕੱਲੇ ਨੂੰ ਮਿਲਣ ਜਾਣ ਦਿੱਤਾ ਗਿਆ। ਉਸ ਦਿਨ ਪਹਿਲੀ ਵਾਰ ਉਸਨੂੰ ਦੇਖਿਆ, ਸ਼ਾਇਦ ਤੀਸਰੀ ਮੰਜ਼ਿਲ ਸੀ, ਪੌੜੀਆਂ ਚੜ੍ਹਦਿਆਂ ਹੀ ਪਹਿਲਾ ਜਾਂ ਦੂਸਰਾ ਕਮਰਾ ਸੀ।
        ਉਦੋਂ ਉਸਦਾ ਚੂਲਾ ਟੁੱਟ ਚੁੱਕਾ ਸੀ ਡਿੱਗਣ ਦੀ ਵਜ੍ਹਾ ਨਾਲ। ਉਹ ਕਮਰੇ ਵਿਚ ਹੌਲੀ ਹੌਲੀ ਤੁਰ ਰਿਹਾ, ਸਾਨੂੰ ਦੇਖ ਹਸਪਤਾਲ ਦੇ ਉਸ ਕਮਰੇ ਦੇ ਮੰਜੇ 'ਤੇ ਬੈਠ ਗਿਆ। ਹਸਪਤਾਲ ਵਾਲੇ ਕੱਪੜੇ ਪਾਏ ਹੋਏ ਸੀ ਤੇ ਸਿਰ 'ਤੇ ਸ਼ਾਇਦ ਕਾਲਾ ਪਟਕਾ ਬੰਨ੍ਹਿਆ ਸੀ। ਉਹਨਾਂ ਦੀ ਦੇਖਭਾਲ ਕਰਨ ਵਾਲੀ ਸੱਤਿਆ ਨੇ ਉਹਨਾਂ ਨੂੰ ਦੱਸਿਆ ਕਿ ਮੁੰਡੇ ਮਿਲਣ ਆਏ ਨੇ, ਹੁਣ ਉਸਨੂੰ ਉੱਚਾ ਸੁਨਣ ਲੱਗ ਪਿਆ ਸੀ ਤੇ ਉਸਦੀਆਂ ਅੱਖਾਂ ਮੈਨੂੰ ਇੰਝ ਦੇਖ ਰਹੀਆਂ ਸੀ ਜਿਵੇਂ ਕਿਸੇ ਨੂੰ ਤਲਾਸ਼ ਰਹੀਆਂ ਹੋਣ ਜਾਂ ਉਹ ਪਛਾਣ ਕੱਢ ਰਿਹਾ ਹੋਵੇ। ਇੰਝ ਦੇਖਦਿਆਂ ਉਸ ਪੁੱਛਿਆ, "ਕਿੱਥੋਂ ਆਏ ਨੇ?"
        ਤਾਂ ਉਸ ਲੇਡੀ ਨੇ ਆਪ ਹੀ ਦੱਸ ਦਿੱਤਾ, "ਮਾਨਸਾ ਤੋਂ, ਦੂਰੋਂ ਆਏ ਨੇ।"
        ਉਸਦਾ ਹਾਲ-ਚਾਲ ਪੁੱਛਿਆ, ਕੁਝ ਗੱਲਾਂ ਹੋਈਆਂ ਤੇ ਮੈਂ ਬਾਹਰ ਨਿੱਕਲਦੇ ਨੇ ਸੋਚਿਆ, ਕੁਝ ਕਹਾਣੀਆਂ ਦੇ ਅੰਤ ਅਜਿਹੇ ਨਹੀਂ ਹੋਣੇ ਚਾਹੀਦੇ, ਕਿ ਜ਼ਿੰਦਗੀ ਬੇਰਹਿਮ ਜਾਪਣ ਲੱਗ ਜਾਵੇ।
        ਵਾਦੀਆਂ ਦਾ ਕਸ਼ਮੀਰੀ ਸੇਬ ਜਿਹਾ ਸੋਹਣਾ ਸੁਨੱਖਾ ਮੁੰਡਾ ਜਿਸਨੇ ਪੰਜਾਬੀ/ਹਿੰਦੀ ਇੰਡਸਟਰੀ ਵਿੱਚ ਪਤਾ ਹੀ ਨਹੀਂ ਕਿੰਨੀਆਂ ਫਿਲਮਾਂ ਕੀਤੀਆਂ, ਜਿਸਦੇ ਚਿਹਰੇ 'ਤੇ ਕਿੰਨੀਆਂ ਨੌਜਵਾਨ ਕੁੜੀਆਂ ਮਰ-ਮਿੱਟਦੀਆਂ ਸੀ, ਅੱਜ ਸਮੇਂ ਨੇ ਉਸ ਚਿਹਰੇ ਤੋਂ ਉਸਦਾ ਹੁਸਨ ਤੇ ਮਸ਼ਹੂਰੀਅਤ ਦੋਵੇਂ ਖੋਹ ਲਏ ਸੀ। ਅੱਜ ਖਬਰ ਆਈ ਕਿ ਉਹ ਆਪ ਵੀ ਨਹੀਂ ਰਿਹਾ।
- ਦੀਪ ਦਾਤੇਵਾਸ
(ਮਿਤੀ : 10 ਅਪ੍ਰੈਲ 2021)



(i and My Book 'The Artist')

(I received second Edition of My Book 'The Artist: Myth-Autobiography)