ਦ ਆਰਟਿਸਟ (ਪੁਸਤਕ ਰਿਵਿਊ) - ਸੁਰਿੰਦਰ ਸਿੰਘ ਕਰਮ ਲਧਾਣਾ



ਕਿਤਾਬ : ਦ ਆਰਟਿਸਟ
ਨਾਵਲਕਾਰ : ਦੀਪ ਦਾਤੇਵਾਸ
ਪ੍ਰਕਾਸ਼ਨ : ਸਾਹਿਬਦੀਪ ਪਕ੍ਰਾਸ਼ਨ ਭੀਖੀ (ਮਾਨਸਾ)

        ਨਾਵਲਕਾਰ ਦੀਪ ਦਾਤੇਵਾਸ ਦਾ ਇਹ ਪਲੇਠਾ ਨਾਵਲ ਕਹਾਣੀ ਰਸ ਨਾਲ ਭਰਪੂਰ ਹੈ। ਉੱਤਮ ਪੁਰਖ ਸ਼ੈਲੀ ਵਿਚ ਲਿਖੇ ਇਸ ਨਾਵਲ ਦਾ ਮੁੱਖ ਪਾਤਰ ਡੀ ਸਾਇਰਸ ਇੰਗਲੈਂਡ ਦੀ ਰਾਜਧਾਨੀ ਲੰਡਨ ਵਿਚ ਰਹਿੰਦਾ ਹੈ। ਉਹ ਇੰਗਲੈਂਡ ਦੇ ਰੰਗ-ਮੰਚ ਦੀ ਪ੍ਰਸਿੱਧ ਅਤੇ ਖੂਬਸੂਰਤ ਅਦਾਕਾਰਾ (ਆਰਟਿਸਟ) ਐਲੀਨਾ ਸਾਇਰਸ ਦਾ ਬੇਟਾ ਹੈ। ਉਸ ਦਾ ਪਿਤਾ ਵਿਗੜਿਆ ਹੋਇਆ ਸ਼ਰਾਬੀ ਹੈ। ਮਜ਼ਬੂਰੀ ਵੱਸ ਉਸ ਦੀ ਮਾਂ ਨੂੰ ਆਪਣੇ ਪਤੀ ਨੂੰ ਛੱਡ ਕੇ ਆਪਣੇ ਪੁੱਤਰ ਦੀ ਪਰਵਰਿਸ਼ ਵਧੀਆ ਕਰਨ ਖਾਤਰ ਲੰਡਨ ਦੇ ਨਾਲ ਲੱਗਦੇ ਇਕ ਛੋਟੇ ਜਿਹੇ ਕਸਬੇ ਵਿਚ ਰਹਿਣਾ ਪੈਂਦਾ ਹੈ। ਪੁੱਤਰ ਖਾਤਰ ਉਹ ਆਪਣੇ ਚੋਟੀ 'ਤੇ ਪਹੁੰਚੇ ਅਦਾਕਾਰਾ ਦੇ ਜੀਵਨ ਨੂੰ ਤਿਲਾਂਜਲੀ ਦੇ ਕੇ ਗੁੰਮਨਾਮ ਜੀਵਨ ਜਿਉਂਦੀ ਹੈ। ਉਹ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਡੀ ਸਾਇਰਸ ਵੀ ਉਸ ਵਾਂਗ ਸਟੇਜ ਦਾ ਆਰਟਿਸਟ ਬਣੇ।
        ਨਾਵਲ ਦੀ ਬੋਲੀ ਕੇਂਦਰੀ ਪੰਜਾਬੀ ਹੈ। ਨਾਵਲਕਾਰ ਵੱਲੋਂ ਲਿਖੇ ਇਸ ਮੌਲਿਕ ਨਾਵਲ ਦੀ ਕਹਾਣੀ ਪਾਠਕ ਨੂੰ ਕਿਸੇ ਅੰਗਰੇਜੀ ਦੇ ਨਾਵਲ ਦੀ ਕਹਾਣੀ ਹੋਣ ਦਾ ਭੁਲੇਖਾ ਵੀ ਪਾਉਂਦੀ ਹੈ। ਅੰਗਰੇਜ਼ੀ ਸੱਭਿਆਚਾਰ ਨੂੰ ਪੇਸ਼ ਕਰਦਾ ਇਹ ਨਾਵਲ ਆਪਣੇ ਆਪ 'ਚ ਨਾਵਲਕਾਰ ਦਾ ਵੱਖਰਾ ਤਜ਼ਰਬਾ ਹੈ, ਜਿਸ ਦਾ ਆਲੋਚਕਾਂ ਵੱਲੋਂ ਨੋਟਿਸ ਲਿਆ ਜਾਣਾ ਚਾਹੀਦਾ ਹੈ। ਨਾਵਲ ਦੇ ਪਾਤਰ ਜਿਉਂਦੇ ਜਾਗਦੇ ਦਿਲ ਨੂੰ ਛੂਹਣ ਵਾਲੇ ਹਨ। ਜ਼ਿੰਦਗੀ ਦੇ ਦੁੱਖਾਂ ਤਕਲੀਫਾਂ ਨੂੰ ਕੱਟਦੇ ਚੰਗੇ ਮਾਨਵੀ ਗੁਣਾਂ ਦੇ ਧਾਰਨੀ ਹਨ। ਖ਼ਾਸ ਤੌਰ ਤੇ ਡੀ ਸਾਇਰਸ ਦੀ ਮਾਂ ਐਲੀਨਾ ਸਾਇਰਸ, ਉਸਦੀ ਪ੍ਰੇਮਿਕਾ ਜੈਸਿਕਾ, ਮਿੱਤਰ ਏਰਿਨ ਆਪਣੇ ਔਗੁਣਾਂ ਦੇ ਬਾਵਜੂਦ ਚੰਗਿਆਈ ਦੀਆਂ ਮੂਰਤਾਂ ਹਨ। ਮੁੱਕਦੀ ਗੱਲ ਪਾਠਕ ਜਦੋਂ ਇਸ ਨਾਵਲ ਨੂੰ ਪੜ੍ਹਨਾ ਸ਼ੁਰੂ ਕਰਦਾ ਹੈ ਤਾਂ ਫਿਰ ਮੁਕਾ ਕੇ ਹੀ ਦਮ ਲੈਂਦਾ ਹੈ। ਇਹੀ ਇਸ ਨਾਵਲ ਦੀ ਵੱਡੀ ਖਾਸੀਅਤ ਹੈ।
                ਸੁਰਿੰਦਰ ਸਿੰਘ ਕਰਮ ਲਧਾਣਾ
                ਮੋ. 98146-81444