ਦ ਆਰਟਿਸਟ (ਪੁਸਤਕ ਰਿਵਿਊ) - ਅਰਵਿੰਦਰ ਕੌਰ ਕਾਕੜਾ



ਪੁਸਤਕ - ਦ ਆਰਟਿਸਟ
ਲੇਖਕ - ਦੀਪ ਦਾਤੇਵਾਸ
ਮੁੱਲ - 150/- ਰੁਪਏ
ਪ੍ਰਕਾਸ਼ਕ - ਸਾਹਿਬਦੀਪ ਪ੍ਰਕਾਸ਼ਨ ਭੀਖੀ (ਮਾਨਸਾ)
        'ਦ ਆਰਟਿਸਟ' ਕੇ ਦੀਪ ਦੀ ਪਹਿਲੀ ਨਾਵਲ ਦੀ ਪੁਸਤਕ ਹੈ। ਇਸ ਪੁਸਤਕ ਦਾ ਕੈਨਵਸ ਵੇਸ਼ਵਾਵਾਂ ਦੀ ਜ਼ਿੰਦਗੀ ਵਿਚਲੀਆਂ ਸ਼ੂਖਮ ਪਰਤਾਂ ਨੂੰ ਆਪਣੇ ਵਿੱਚ ਸਮੇਟਦਾ ਹੈ। ਇਸ ਨਾਵਲ ਦਾ ਮੁੱਖ ਮੰਤਵ ਮਨੁੱਖ ਦੀ ਕਾਮਯਾਬੀ ਪਿਛਲੇ ਪ੍ਰਛਾਵਿਆਂ ਦੀ ਝਾਤ ਹੈ। ਇਸ ਪੁਸਤਕ ਵਿੱਚੋਂ ਕਈ ਜ਼ਿੰਦਗੀਆਂ ਦੇ ਬਾਹਰੀ ਤੇ ਅੰਦਰੂਨੀ ਪੱਖਾਂ ਦੀ ਤਸਵੀਰ ਪਾਠਕਾਂ ਸਾਹਵੇਂ ਆਉਂਦੀ ਹੈ।ਇਸਦਾ ਸਾਰੰਸ਼ ਮਨੁੱਖ ਨੂੰ ਮੰਜ਼ਲ ਪਾਉਣ ਲਈ ਆਈਆਂ ਤਕਲੀਫ਼ਾਂ, ਦੁੱਖ-ਦਰਦਾਂ, ਨਿਰਾਸ਼ਾਵਾਂ ਦੀਆਂ ਵਿਭਿੰਨ ਹਾਲਤਾਂ ਵਿਚਲੀਆਂ ਵੰਨਗੀਆਂ ਪਾਠਕਾਂ ਨੂੰ ਜਿੱਥੇ ਝੰਜੋੜ ਕੇ ਰੱਖਦੀਆਂ ਹਨ ਉੱਥੇ ਜੀਵਨ ਦੀ ਅਸਲ ਸੱਚਾਈ ਦੀ ਪੇਸ਼ਕਾਰੀ ਕਰਨ ਵਿੱਚ ਸਫ਼ਲ ਹੁੰਦੀਆਂ ਹਨ।
        ਇਸ ਨਾਵਲ ਦੀ ਨਾਇਕਾ 'ਐਲੀਨਾ ਸਾਇਰਸ' ਜੋ ਮਸ਼ਹੂਰ ਅਦਾਕਾਰਾ ਹੈ। ਪਰ ਰੰਗਮੰਚ ਦੇ ਪਰਦੇ ਪਿੱਛੇ ਉਹ ਵੇਸ਼ਵਾਗ਼ਨੀ ਧੰਦਾ ਵੀ ਅਪ੍ਰਤਖ ਤੌਰ ਤੇ ਕਰਦੀ ਹੈ। ਏਹੀ ਕਾਰਨ ਹੈ ਕਿ ਉਹ ਲੰਡਨ ਦੀ ਮਸ਼ਹੂਰ ਵੇਸਵਾ ਗਿਣੀ ਜਾਂਦੀ ਹੈ। ਉਸਦੀ ਆਰਟਿਸਟ ਤੌਰ ਤੇ ਸਥਾਪਤੀ ਉਹਦੇ  ਹੁਸਨ ਅਤੇ ਕਲਾ ਦਾ ਸੁਮੇਲ ਹੁੰਦੀ ਹੈ। ਹਰ ਵਿਅਕਤੀ, ਨੌਜਵਾਨ ਉਹਦੇ ਨਾਲ ਰਾਤ ਗੁਜਾਰਨ ਦੇ ਸੁਪਨੇ ਲੈਂਦਾ ਹੈ। ਅਜਿਹੀ ਅਲਾਮਤ ਪ੍ਰਸਿੱਧੀ ਕਦੇ-ਕਦੇ ਉਹਨੂੰ ਉਚਾਟ ਕਰਦੀ ਹੈ ਪਰ ਉਹ ਅਜਿਹੀ ਪ੍ਰਸਥਿਤੀ ਨੂੰ ਵਾਰ-ਵਾਰ ਖੋਸਦੀ ਹੈ ਕਿ ਇਹਨਾਂ ਰਾਹਾਂ ਤੇ ਤੁਰਨ ਦੀ ਕੀ ਲੋੜ ਸੀ। ਉਹਦੇ ਅੰਤਰੀਵ  ਮਨ ਦੀ ਪੀੜਾ ਪ੍ਰਤਖ ਤੌਰ ਤੇ ਉੱਭਰਦੀ ਹੈ ਤੇ ਉਹ ਨਿਰਣਾ ਕਰਦੀ ਹੈ ਕਿ ਉਹ ਆਪਣੇ ਪੁੱਤਰ ਡੀ ਸਾਇਰਸ ਨੂੰ ਅਜਿਹੇ ਰਾਹਾਂ ਤੇ ਤੁਰਨ ਤੋਂ ਵਰਜੇਗੀ ਅਤੇ ਉਸ ਨੂੰ ਇੱਕ ਚੰਗਾ ਆਰਟਿਸਟ ਬਣਾਵੇਗੀ। ਇਸ ਤਰ੍ਹਾਂ ਦਾ ਆਰਟਿਸਟ ਬਣੇ ਕਿ ਲੋਕ ਉਸਨੂੰ ਦਿਲ ਤੋਂ ਪਿਆਰ ਕਰਨਗੇ। ਏਸੇ ਖਾਹਿਸ਼ ਵਿੱਚ ਉਹ ਆਪਣੀਆਂ ਸਾਰੀਆਂ ਖੁਸ਼ੀਆਂ ਦਾ ਪੁੱਤਰ ਦੇ ਉੱਤੋਂ ਤਿਆਗ ਕਰਨ ਦਾ ਪ੍ਰਣ ਲੈਂਦੀ ਹੈ। ਉਹ ਲੰਡਨ ਦਾ ਸ਼ਹਿਰ ਤਿਆਗ ਕੇ ਛੋਟੇ ਜਿਹੇ ਪਿੰਡ ਨਿਊਲਿਨ ਵਿੱਚ ਜ਼ਿੰਦਗੀ ਜਿਉਣ ਲਈ ਉਤਾਵਲੀ ਹੋ ਜਾਂਦੀ ਹੈ।
        ਇਸ ਪੁਸਤਕ ਵਿੱਚ ਹੋਰ ਵੀ ਬਹੁਤ ਸਾਰੀਆਂ ਵੇਸ਼ਵਾਵਾਂ ਦੀ ਗੱਲ ਕੀਤੀ ਹੈ। ਉਹਨਾਂ ਦੀ ਜੀਵਨ ਸ਼ੈਲੀ ਦੀ ਮੂੰਹ ਬੋਲਦੀ ਤਸਵੀਰ ਲੇਖਕ ਸਾਹਮਣੇ ਲੈ ਕੇ ਆਉਂਦਾ ਹੈ। ਇੱਥੇ ਸੁਆਲ ਇਹ ਵੀ ਖੜਾ ਹੋਇਆ ਹੈ ਕਿ ਫਿਲਮੀ/ਰੰਗਮੰਚ ਜਾਂ ਸਥਾਪਤੀ ਦੇ ਅਜਿਹੇ ਰਾਹਾਂ ਅੰਦਰ ਕਿੰਨੀ ਦਲਦਲ ਪਸਰੀ ਹੋਈ ਹੈ। ਇੱਕ ਪਾਸੇ ਇਸ ਨਾਵਲ ਵਿੱਚੋਂ ਇਹ ਸੁਰ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਪਰਿਸਥਿਤੀਆਂ ਮਨੁੱਖ ਉੱਪਰ ਕਿਵੇਂ ਹਾਵੀ ਹੁੰਦੀਆਂ ਹਨ ਤੇ ਮਨ ਦੀ ਭਟਕਣਾਕਿਹੜੇ ਰਾਹਾਂ ਦੀ ਸਵਾਰੀ ਕਰਦੀ ਹੈ। ਕੁੜੀਆਂ ਕਿਵੇਂ ਆਪਣਾ ਜਿਸਮ ਵੇਚਦੀਆਂ ਹਨ? ਇਹ ਸਿਲਸਿਲਾ ਕਿਵੇਂ ਅੱਗੇ ਵੱਲ ਵਧਦਾ ਹੈ। ਮਰਦ ਉਹਨਾਂ ਦੀ ਮਜ਼ਬੂਰੀ ਦਾਕਿਵੇਂ ਫਾਇਦਾ ਉਠਾਉਂਦੇ ਹਨ। ਦੂਜੀ ਸੁਰ ਇਹ ਵੀ ਸਾਹਮਣੇ ਆਈ ਹੈ ਕਿ ਅਜਿਹੇ ਦੂਸ਼ਿਤ ਮਾਹੌਲ ਵਿੱਚ ਕਈ ਵਾਰੀ ਆਦਮੀ ਵੀ ਪਿਸ ਜਾਂਦਾ ਹੈ ਏਹੀ ਸਥਿਤੀ ਨਾਵਲ ਵਿੱਚ ਡੀ ਸਾਇਰਸ ਨਾਲ ਵਾਪਰਦੀ ਹੈ। ਉਹ ਆਪਣੀ ਮਾਂ ਦੇ ਸੁਪਨੇ ਸਾਕਾਰ ਕਰਨ ਲਈ ਰੰਗਮੰਚ ਦੀ ਦੁਨੀਆ ਵੱਲ ਘੁੰਮਦਾ ਹੈ। ਉਸ ਦੇ ਮਨ ਵਿੱਚ ਕਦੇ ਉਸਦਾ ਪਿਤਾ ਰੌਬਿਸ਼ ਸਾਇਰਸ ਆਉਂਦਾ ਹੈ ਤੇ ਕਦੇ ਆਪਣੀ ਮੰਜ਼ਿਲ ਦੇ ਰਸਤੇ ਤੇ ਤੁਰਦਿਆਂ ਕਈ ਤਰ੍ਹਾਂ ਦੇ ਮੋੜ ਉਹਦੀ ਜ਼ਿੰਦਗੀ ਵਿੱਚ ਆਉਂਦੇ ਹਨ। ਉਹਦੇ ਪਹਿਲੇ ਪਿਆਰ ਦੀ ਕਹਾਣੀ ਸੈਨਮਾਰਟਿਨਜ਼ ਨਾਲ ਜੁੜਦੀ ਹੈ। ਜੋ ਬਹੁਤ ਖੂਬਸੂਰਤ ਅਦਾਕਾਰਾ ਹੈ। ਜਿਸਦੇ ਨਕਸ਼ ਉਸਦੀ ਮਾਂ ਨਾਲ ਮਿਲਦੇ ਜੁਲਦੇ ਹਨ। ਏਸੇ ਸਫ਼ਰ ਵਿੱਚ ਉਸਦਾ ਦੋਸਤ ਏਰਿਨ ਆਸਕਰ, ਈਮਾ, ਜੈਸਿਕਾ ਮੈਨਿੰਗ, ਮਸ਼ਹੂਰ ਅਦਾਕਾਰਾ ਬ੍ਰਿਟਨੀ ਸੈਂਟ ਉਸਦਾ ਵਾਰ-ਵਾਰ ਸਾਥ ਨਿਭਾਉਂਦੇ ਹਨ। ਡੀਸਾਇਰਸ ਨੂੰ ਮਾਨਸਿਕ ਤੌਰ ਤੇ ਹਿਲਾ ਦੇਣ ਵਾਲੀ ਬਦਚਲਨ ਲੜਕੀ ਮੈਰੀ ਦੀ ਮਾਨਸਿਕਤਾ ਤੇ ਬਾਹਰੀ ਵਿਵਹਾਰ ਦਾ ਕਰੁਣਾਮਈ ਢੰਗ ਦੇ ਨਾਲ ਪੇਸ਼ ਹੋਈ ਹੈ।
        ਇਸ ਨਾਵਲ ਵਿੱਚ ਆਰਟਿਸਟ ਦੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੁੰਝਲਾਂ ਸਾਹਮਣੇ ਆਈਆਂ ਹਨ। ਮਸ਼ਹੂਰ ਵੇਸਵਾ ਕੈਥਰੀਨ ਨਿਕੋਲ, ਨੋਵੀਨ ਸਾਇਰਸ, ਬੇਟੀ ਰੋਜ਼, ਰੈਚਲ ਆਦਿ ਨਾਲ ਜੁੜ੍ਹੀਆਂ ਘਟਨਾਵਾਂ ਦੀ ਅਭਿਵਿਅਕਤੀ ਵੀ ਨਾਵਲਕਾਰ ਨੇ ਆਪਣੀ ਦ੍ਰਿਸ਼ਟੀ ਨਾਲ ਪੇਸ਼ ਕੀਤੀ ਹੈ। ਇਸ ਨਾਵਲ ਦਾ ਅੰਤਮ ਬਿੰਦੂ ਇੱਕ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੋਇਆ ਕਈ ਪ੍ਰਸ਼ਨਾਂ ਦੀ ਲੜੀ ਨਾਲ ਜੋੜਦਾ ਹੈ। ਇੱਕ ਆਰਟਿਸਟ ਮਨੁੱਖ ਦੇ ਅੰਦਰ ਹੁੰਦਾ ਹੈ ਤੇ ਇੱਕ ਬਾਹਰ। ਬਾਹਰੀਆਰਟਿਸਟ ਨੂੰ ਪਾਉਣ ਲਈ ਘੋਰ ਸੰਘਰਸ਼ ਦੀ ਜ਼ਰੂਰਤ ਪੈਂਦੀ ਹੈ। ਇਸ ਨਾਵਲ ਦਾ ਪਾਤਰ ਏਸ ਗੱਲ ਨਾਲ ਸਹਿਮਤ ਹੁੰਦਾ ਹੈ ਜਦੋਂ ਉਹਦੀ ਅੰਦਰੋਂ ਜ਼ਮੀਰ ਮਰਦੀ ਹੈ ਤਾਂ ਆਰਟਿਸਟ ਦੀ ਮੌਤ ਹੋ ਜਾਂਦੀ ਹੈ। ਏਸ ਨਾਵਲ ਵਿਚਲੀ ਬਿਆਨੀ ਆਸ਼ੈਲੀ ਕਿਤੇ-ਕਿਤੇ ਨਾਵਲ ਨੂੰ ਜੀਵਨੀਪੂਰਕ ਰੰਗਤ ਵਿੱਚ ਬੰਨਦੀ ਹੈ। ਇਹ ਰਚਨਾ ਵੇਸ਼ਵਾਵਾਂ ਦੀ ਜ਼ਿੰਦਗੀ ਦੇ ਅਲੁਕਵੇਂ ਪੱਖਾਂ ਨੂੰ ਪੇਸ਼ ਕਰਦੀ ਰਚਨਾ ਹੈ। ਇਹ ਰਚਨਾ ਧਿਆਨ ਮੰਗਦੀ ਹੈ ਕਿ ਸਮਾਜ ਦੇ ਮੂੰਹ ਤੇ ਲੱਗਿਆ ਹੋਇਆ ਜਿਸਮਫਰੋਸ਼ੀ ਦਾ ਦਾਗ਼ ਉਤਾਰਨ ਲਈ ਜੇਕਰ ਉਪਰਾਲਾ ਕੀਤਾ ਜਾਵੇ ਤਾਂ ਵੇਸਵਾਵਾਂ ਦੀ ਜ਼ਿੰਦਗੀ ਸੁਧਰ ਸਕਦੀ ਹੈ। ਇਹੋ ਜਿਹੇ ਬਹੁਤ ਸਾਰੇ ਪ੍ਰਸ਼ਨਾਂ ਨਾਲ ਰਾਬਤਾ ਰੱਖਦੀ ਇਹ ਚੰਗੀ ਰਚਨਾ ਹੈ।
       ਡਾ. ਅਰਵਿੰਦਰ ਕੌਰ ਕਾਕੜਾ