ਦ ਆਰਟਿਸਟ (ਪੁਸਤਕ ਰਿਵਿਊ) - ਨਿਰੰਜਣ ਬੋਹਾ




ਪੁਸਤਕ - ਦ ਆਰਟਿਸਟ
ਲੇਖਕ - ਦੀਪ ਦਾਤੇਵਾਸ
ਮੁੱਲ - 150/- ਰੁਪਏ
ਪ੍ਰਕਾਸ਼ਕ - ਸਾਹਿਬਦੀਪ ਪ੍ਰਕਾਸ਼ਨ ਭੀਖੀ (ਮਾਨਸਾ)
        ਭਾਵੇਂ 'ਦ ਆਰਟਿਸਟ' ਨੌਜਵਾਨ ਲੇਖਕ ਦੀਪ ਦਾਤੇਵਾਸ ਦਾ ਪਲੇਠਾ ਨਾਵਲ ਹੈ, ਪਰ ਇਸ ਵਿਚਲੇ ਅਨੁਭਵ ਅਤੇ ਅਭੀਵਿਅਕਤੀ ਦਾ ਸੁੰਦਰ ਸੁਮੇਲ ਇਸ ਖੇਤਰ ਵਿੱਚ ਨਾਵਲਕਾਰ ਦੇ ਚੰਗੇ ਭਵਿੱਖ ਦੀ ਨਿਸ਼ਾਨਦੇਹੀ ਕਰਦਾ ਹੈ। ਇਸ ਨਾਵਲ ਦਾ ਸਮਾਜਿਕ ਧਰਾਤਲ ਆਪਣੇ ਦੇਸ਼ ਦੀ ਬਜਾਇ ਪੱਛਮੀ ਮੁਲਕ ਬਰਤਾਨੀਆ ਨਾਲ ਸੰਬੰਧਤ ਹੈ। ਵੀਹਵੀਂ ਸਦੀ ਦੇ ਤੀਜੇ ਦਹਾਕੇ ਤੋਂ ਪਹਿਲਾਂ ਦੇ ਇੰਗਲੈਂਡ ਦੀਆਂ ਸਮਾਜਿਕ, ਸੱਭਿਆਚਾਰਕ, ਆਰਥਿਕ ਤੇ ਭੂਗੋਲਿਕ ਸਥਿਤੀਆਂ-ਪ੍ਰਸਿਤੀਆਂ ਬਾਰੇ ਏਨਾ ਭਰੋਸੇਮੰਦ ਗਿਆਨ ਉਸ ਦੀ ਵਿਸ਼ਾਲ ਅਧਿਐਨ ਸਮਰੱਥਾ ਦੀ ਗਵਾਹੀ ਭਰਦਾ ਹੈ। ਇਸ ਨਾਵਲ ਦੇ ਪਾਤਰ ਆਪਣੇ ਜੀਵਨ ਦੀ ਨਿਰੰਤਰ ਯੋਗਤਾ ਤੇ ਕਾਰਜਸ਼ੀਲਤਾ ਬਣਾਈ ਰੱਖਣ ਲਈ ਬਹੁਤ ਕਠਿਨ ਸੰਘਰਸ਼ੀ ਪੜਾਅ ਪਾਰ ਕਰਦੇ ਹਨ। ਭਾਵੇਂ ਇਹਨਾਂ ਪਾਤਰਾਂ ਨੂੰ ਪੈਰ-ਪੈਰ 'ਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਹ ਮਰਦੇ ਦਮ ਤੱਕ ਆਪਣੇ ਸੁਫ਼ਨਿਆਂ ਨੂੰ ਮਰਨ ਨਹੀਂ ਦੇਂਦੇ।
        ਨਾਵਲ ਦੀ ਕਹਾਣੀ ਵੀਹਵੀਂ ਸਦੀ ਦੇ ਅੰਤਿਮ ਦਹਾਕਿਆਂ ਦੌਰਾਨ ਪੱਛਮੀ ਰੰਗਮੰਚ ਦੇ ਉਸ ਦੌਰ ਨੂੰ ਰੂਪਮਾਨ ਕਰਦੀ ਹੈ, ਜਦੋਂ ਸਟੇਜੀ ਨਾਟਕ ਲੋਕਾਂ ਦੀ ਰੂਹ ਦੀ ਮੁਢਲੀ ਖੁਰਾਕ ਬਣੇ ਹੋਏ ਸਨ। ਨਾਵਲ ਉਹਨਾਂ ਸਟੇਜੀ ਅਦਾਕਾਰਾਂ ਦੀ ਮਨੋ-ਸੰਵੇਦਨਾ ਨੂੰ ਬਿਆਨ ਕਰਦਾ ਹੈ ਜਿਹੜੇ ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦਾ ਮਨ ਮੋਹ ਲੈਣ ਤੋਂ ਬਾਅਦ ਵੀ ਅਸਲ ਜੀਵਨ ਰੂਪੀ ਨਾਟਕ ਵਿੱਚ ਅਸਫ਼ਲ ਕਿਰਦਾਰ ਬਣ ਕੇ ਰਹਿ ਜਾਂਦੇ ਸਨ। ਨਾਵਲਕਾਰ ਆਪਣੇ ਸਮੇਂ ਦੀ ਪ੍ਰਸਿੱਧ ਸਟੇਜੀ ਅਦਾਕਾਰ ਐਲੀਨਾ ਸਾਇਰਸ ਨੂੰ ਸਟੇਜੀ ਖੇਤਰ ਵਿਚ ਮਿਲੀ ਵਿਆਪਕ ਸਫ਼ਲਤਾ ਪਿੱਛੇ ਛੁਪੀਆਂ ਉਸ ਦੇ ਨਿੱਜੀ ਜੀਵਨ ਦੀਆਂ ਅਸਫ਼ਲਤਾਵਾਂ, ਬੇਵੱਸੀਆਂ ਤੇ ਮਜ਼ਬੂਰੀਆਂ ਤੋਂ ਪਰਦਾ ਚੁੱਕਦਾ ਹੈ ਤਾਂ ਪਾਠਕੀ ਹਮਦਰਦੀ ਸੁਭਾਵਿਕ ਰੂਪ ਵਿਚ ਹੀ ਇਸ ਪਾਤਰ ਨਾਲ ਜੁੜ ਜਾਂਦੀ ਹੈ। ਉਸਦਾ ਸੁਆਰਥੀ, ਨਾਮਰਦ ਤੇ ਹੈਵਾਨੀ ਬਿਰਤੀਆਂ ਵਾਲਾ ਪਤੀ ਰੌਬਿਸ ਸਾਇਰਸ ਹਰ ਰਾਤ ਗੈਰ ਮਰਦਾਂ ਨਾਲ ਉਸ ਦੇ ਸਰੀਰ ਦਾ ਸੌਦਾ ਹੀ ਨਹੀਂ ਕਰਦਾ, ਸਗੋਂ ਉਸਨੂੰ ਹੋਰ ਵੀ ਕਈ ਤਰ੍ਹਾਂ ਦੇ ਮਾਨਸਿਕ ਤੇ ਸਰੀਰਕ ਤਸੀਹੇ ਦਿੰਦਾ ਹੈ। ਰੌਬਿਸ ਦੇ ਜੁਲਮਾਂ ਦੀ ਇੰਤਹਾ ਹੋ ਜਾਣ 'ਤੇ ਉਹ ਡਾਰਵਿਨ ਹੈਕਸ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੰਦੀ ਹੈ ਤੇ ਦੁਰਾਡੇ ਸ਼ਹਿਰ ਨਿਊਲਿਨ ਵਿਚ ਗੁਪਤ ਤੌਰ 'ਤੇ ਰਹਿਣ ਲੱਗਦੀ ਹੈ। ਸਟੇਜੀ ਅਦਾਕਾਰੀ ਵਿਚ ਉਸ ਦੀ ਥਾਂ ਲੈਣ ਵਾਲੀ ਬ੍ਰਿਟਨੀ ਦੀ ਕਹਾਣੀ ਵੀ ਉਸ ਨਾਲੋਂ ਵੱਖਰੀ ਨਹੀਂ ਹੈ। ਪ੍ਰਸਿੱਧੀ ਦੇ ਉੱਚ ਮੁਕਾਮ 'ਤੇ ਪਹੁੰਚੀ ਇਸ ਕਲਾਕਾਰ ਦਾ ਅੰਤ ਵੀ ਜੇਲ੍ਹ ਵਿੱਚ ਅਣਮਨੁੱਖੀ ਤਸੀਹੇ ਭੁਗਤਦਿਆਂ ਹੁੰਦਾ ਹੈ।
         ਨਾਵਲ ਇੱਕ ਮਾਂ ਵੱਲੋਂ ਆਪਣੇ ਪੁੱਤਰ ਦੇ ਭਵਿੱਖ ਲਈ ਕੀਤੀ ਜਾ ਸਕਦੀ ਕੁਰਬਾਨੀ ਦਾ ਵੀ ਸਿਖਰ ਤਲਾਸ਼ਦੀ ਹੈ। ਐਲੀਨਾ ਸਾਇਰਸ ਆਪਣੇ ਪੁੱਤਰ ਡੀ ਸਾਇਰਸ ਨੂੰ ਭਵਿੱਖ ਦਾ ਸਰਵੋਤਮ ਸਟੇਜੀ ਕਲਾਕਾਰ ਬਣਿਆ ਵੇਖਣ ਲਈ ਪਹਿਲਾਂ ਆਪਣਾ ਸਰੀਰ ਵੇਚ ਕੇ ਬਹੁਤ ਸਾਰਾ ਪੈਸਾ ਕਮਾਉਣ ਦੀ ਕੋਸ਼ਿਸ਼ ਵਿਚ ਰਹਿੰਦੀ ਹੈ। ਉਹ ਨਹੀਂ ਚਾਹੁੰਦੀ ਕਿ ਉਸਦੀ ਬਦਨਾਮ ਰਹੀ ਜ਼ਿੰਦਗੀ ਦਾ ਪਰਛਾਵਾਂ ਉਸ ਦੇ ਪੁੱਤਰ ਦੇ ਭਵਿੱਖ 'ਤੇ ਪਵੇ, ਇਸ ਲਈ ਉਹ ਆਪਣੀ ਮੌਤ ਤੱਕ ਇਹ ਭੇਦ ਛੁਪਾ ਕੇ ਰੱਖਦੀ ਹੈ ਕਿ ਉਹ ਹੀ ਬੀਤੇ ਸਮੇਂ ਦੀ ਐਲੀਨਾ ਸਾਇਰਸ ਹੈ।
         ਭਾਵੇਂ ਆਪਣੇ ਸੌਤੇਲੇ ਪਿਤਾ ਡਾਰਵਿਨ ਹੈਕਸ ਦੀਆਂ ਸਾਜਿਸ਼ਾਂ ਕਾਰਨ ਡੀ ਸਾਇਰਸ ਅਥਾਹ ਕਲਾ ਪ੍ਰਤਿਭਾ ਰੱਖਦਿਆਂ ਵੀ ਬਦਨਾਮ ਤੇ ਅਸਫ਼ਲ ਅਦਾਕਾਰ ਬਣ ਕੇ ਰਹਿ ਜਾਂਦਾ ਹੈ, ਪਰ ਮਾਂ ਪੁੱਤਰ ਦੇ ਆਪਣੀ ਪ੍ਰੇਮ ਪਾਠਕਾਂ ਲਈ ਇਕ ਨਿਵੇਕਲੀ ਮਿਸਾਲ ਹੋ ਨਿੱਬੜਦਾ ਹੈ। ਉਸਦੀ ਪ੍ਰੇਮਿਕਾ ਤੋਂ ਪਤਨੀ ਬਣੀ ਜੈਸਿਕਾ ਦਾ ਤਿਆਗ ਵੀ ਆਦਰਸ਼ਕ ਧਰਾਤਲ 'ਤੇ ਵੀ ਅਜਿਹੀ ਨਿਵੇਕਲੀ ਉਦਾਹਰਣ ਪੇਸ਼ ਕਰਦਾ ਹੈ ਜਿਹੜੀ ਪੂਰਬੀ ਸਮਾਜਿਕ ਜੀਵਨ ਵਿੱਚ ਵੀ ਸ਼ਾਇਦ ਹੀ ਮਿਲ ਸਕੇ। ਭਾਵੇਂ ਨਾਵਲ ਵਿਚ ਕੁਝ ਮੌਕਾ-ਮੇਲ ਨਾਲ ਜੁੜੀਆਂ ਨਾਟਕੀ ਤੇ ਆਦਰਸ਼ਕ ਰੰਗਣ ਵਾਲੀਆਂ ਘਟਨਾਵਾਂ ਨੂੰ ਵੀ ਥਾਂ ਹਾਸਲ ਹੋਈ ਹੈ, ਫਿਰ ਵੀ ਇਸ ਨਵੇਂ ਨਾਵਲਕਾਰ ਦੀ ਮਿਹਨਤ ਸ਼ਲਾਘਾ ਦੀ ਹੱਕਦਾਰ ਹੈ।
  - ਨਿਰੰਜਣ ਬੋਹਾ

(ਐਤਵਾਰ, 25 ਅਕਤੂੂਬਰ 2015 : ਨਵਾਂ ਜ਼ਮਾਨਾ, ਜਲੰਧਰ)