ਦ ਆਰਟਿਸਟ (ਪੁਸਤਕ ਰਿਵਿਊ) - ਜਸਵੰਤ ਸਿੰਘ ਕੰਵਲ

(ਇਸ ਕਿਤਾਬ ਦੇ ਪਹਿਲੇ ਐਡੀਸ਼ਨ ਵਿੱਚ ਮੇਰਾ ਨਾਮ ਕੇ ਦੀਪ ਸੀ।)


        ਬਹੁਤ ਪਿਆਰੇ ਕੇ. ਦੀਪ ਜੀ।
        ਬਹੁਤ ਪਿਆਰ ਨਾਲ ਜੱਫੀ ਘੁੱਟ ਕੇ ਸਤਿ ਸ਼੍ਰੀ ਅਕਾਲ!
        ਤੁਹਾਡਾ ਨਾਵਲ 'ਦੀ ਆਰਟਿਸਟ' ਪੜ੍ਹਿਆ । ਵੱਡੀ ਵੱਡੀ ਸ਼ਾਬਾਸ਼! ਬਸ ਵਧਿਆ ਚਲ ਛਾਲਾਂ ਮਾਰਦਾ, ਬਿਲਕੁਲ ਸਿਧਾ ਸਪਾਟ ਰਾਹ ਹੈ ਜ਼ਿੰਦਗੀ ਦਾ, ਕੋਈ ਵਲ ਵਿੰਗ ਨਹੀਂ। ਕਾਹਲਾ ਨਹੀਂ ਪੈਣਾ, ਦੀਰਜ ਤੇ ਸੰਜਮ ਨਾਲ ਕਦਮ ਪੁੱਟਦਾ ਚਲ। ਜ਼ਿੰਦਗੀ ਦੀ ਵਾਟ ਮੁੱਕਣ ਵਾਲੀ ਨਹੀਂ। ਕਾਹਲੀਆਂ ਕਦਮਾਂ 'ਚ ਉਖੇੜਾ ਆ ਪੈਂਦਾ ਹੈ। ਸਹਿਜ ਸੰਜਮ, ਜ਼ਿੰਦਗੀ ਦੇ ਲੰਮੇ ਰਾਹ ਦਾ ਵਫਾਦਾਰ ਸਾਥੀ ਹੈ। ''ਦੋ ਪੈਰ ਘਟ ਤੁਰਨਾ, ਪਰ ਤੁਰਨਾ ਮੜ੍ਹਕ ਦੇ ਨਾਲ।''
        ਤੁਹਾਡੀ ਪਹਿਲੀ ਕੋਸ਼ਸ਼, ਬੇਹੱਦ ਕਾਮਯਾਬ ਹੈ। ਇਤਰਾਜ਼ ਵਾਲੀ ਉਂਗਲ ਕਿਤੇ ਨਹੀਂ ਉਠਦੀ, ਤੁਹਾਡਾ ਨਾਵਲ ਆਦ ਤੋਂ ਅੰਤ ਤੱਕ, ਕਿਤੇ ਉਂਗਲ ਧਰਾ ਨਹੀਂ। ਸਹਿਜ ਨਾਲ ਤੁਰੋ, ਸੰਜਮ ਨਾਲ ਲਿਖੋ। ਕਾਹਲੇ ਨਹੀਂ ਪੈਣਾ। ਸਹਿਜ ਸਹਿਜ ਤੁਰਨਾ, ਸਾਹਿਤ ਵਿਚ ਨਿਗਰਤਾ ਲਿਆਉਂਦਾ ਹੈ। ਸਾਹਿਤ ਜ਼ਿੰਦਗੀ ਦਾ ਨਿਗਰ ਯਾਰ ਹੈ, ਜਿਹੜਾ ਕਿਸੇ ਕੀਮਤ ਤੇ ਵਫਾ ਨਹੀਂ ਛੱਡਦਾ।
ਸਾਇੰਸੀ ਜੁਗ ਨੇ ਪੁਰਾਣੀਆਂ ਬੋਦੀਆਂ ਕੀਮਤਾਂ ਨੂੰ ਧੋ ਸਵਾਰ ਕੇ ਨਵੇਂ ਸਪਾਟ ਰਾਹ ਪੈਦਾ ਕਰਨੇ ਹਨ। ਸਾਹਿਤ ਜ਼ਿੰਦਗੀ ਦਾ ਹਮ ਸਫ਼ਰ ਪੈਗੰਬਰ ਹੈ। ਕਲਪਨਾ ਸਾਹਿਤ ਦੀ ਵਫਾਦਾਰ ਸਾਥਣ ਹੈ, ਪਰ ਯਥਾਰਥ ਬੁਨਿਆਦੀ ਪਹਿਰੇਦਾਰ ਹੈ, ਪਰ ਸਹਿਜ ਨੂੰ ਹੱਥੋਂ ਨਹੀਂ ਛੱਡਣਾ।
        ਬਸ ਜਿਉਂਦਾ ਵੱਸਦਾ ਰਹੁ ਕੇ ਦੀਪ! ਸਾਹਿਤ ਦੀ ਤਪੱਸਿਆ ਵਰਗੀ ਸਾਧਨਾ ਹੋਰ ਕੋਈ ਨਹੀਂ। ਜੇ ਇਸ ਦਾ ਰਾਹੀ ਬਣਿਆ ਏਂ ਤਾਂ ਸਪਾਟ ਰਾਹ ਵਗਿਆ ਚਲ, ਸਿਫਤਾਂ ਸਲਾਹਾਂ ਵਿਚ ਨਾ ਘਿਰ ਕੇ ਰਹਿ ਜਾਵੀਂ। ਸਾਹਿਤ ਤਪਸਿਆ ਵਰਗੀ ਹੋਰ ਕੋਈ ਸਿਫਤ ਸਲਾਹ ਨਹੀਂ। ਜਿਸ ਰਾਹ ਤੁਰਿਆ ਏ, ਇਹ ਮਾਰਗ ਉਮਰ ਭਰ ਲਈ ਤਪ ਸਾਧਨਾ ਮੰਗਦਾ ਹੈ, ਘਬਰਾਉਣਾ ਨਹੀਂ, ਸ਼ਾਂਤ ਸੰਜਮ ਨਾਲ ਜ਼ਿੰਦਗੀ ਦੇ ਮਾਰਗ ਨੂੰ ਫਰਜ਼ ਸਮਝਕੇ ਤਹਿ ਕਰਨਾ।
        ਵੱਡੀ ਵੱਡੀ ਸ਼ਾਬਾਸ਼! ਸਾਹਿਤ ਰਚਨਾ ਵਰਗਾ ਸਾਰਥਿਕ ਰਾਹ ਕੋਈ ਨਹੀਂ, ਬਸ, ਤੁਰਿਆ ਚਲ, ਪਰ ਬਸ ਏ ਮਿਹਰਬਾਨੀ ਕੁਲਾ ਨਾ ਪਈਂ, ਵਡਿਆਈ ਦੀ ਭੁੱਖ ਨਾ ਜ਼ਾਹਰ ਕਰੀਂ। ਹੋਛਾ ਪਿਆ ਬੰਦਾ, ਜੱਦੀ ਮਲਕੀਅਤਾਂ ਗੁਆ ਲੈਂਦਾ ਹੈ।
        ਤੂੰ ਜ਼ਿੰਦਾਬਾਦ ਦੇ ਰਾਹ ਪਿਆ ਏ, ਵਡਿਆਈ ਦੇ ਔਜੜੇ ਰਾਹ ਨਾ ਖੋ ਜਾਵੀਂ, ਮੈਨੂੰ ਤੇਰੇ ਤੋਂ ਵੱਡੀਆਂ ਆਸਾਂ ਹਨ। ਜਿਉਂਦਾ ਰਹੁ ਮਿਤਰਾ, ਰਬ ਦੁਖ ਨਾ ਵਖਾਵੇ ਤੈਨੂੰ।
      ਬਹੁਤ ਘੁੱਟਵੇਂ ਪਿਆਰ ਨਾਲ
    ਤੇਰਾ ਹਮਸਫਰ
    ਜਸਵੰਤ ਸਿੰਘ ਕੰਵਲ
    ਪਿੰਡ ਤੇ ਡਾਕਘਰ - ਢੁੱਡੀਕੇ
    ਜ਼ਿਲਾ - ਮੋਗਾ
    ਪਿੰਨ ਕੋਡ - 142053







EmoticonEmoticon

Note: Only a member of this blog may post a comment.