ਦ ਆਰਟਿਸਟ (ਪੁਸਤਕ ਰਿਵਿਊ) - ਵੀਰਪਾਲ ਕੌਰ





ਪੁਸਤਕ - ਦ ਆਰਟਿਸਟ
ਲੇਖਕ - ਦੀਪ ਦਾਤੇਵਾਸ
ਸਾਲ - 2015
        ਆਰਟਿਸਟ ਦੇ ਬਾਰੇ ਵਿੱਚ ਲਿਖਣ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹਨ । ਪਰ ਇਹ ਕਹਿਣਾ ਠੀਕ ਹੋਵੇਗਾ ਕਿ ਇਸ ਤੋਂ ਵਧੀਆ ਮੈਂ ਅੱਜ ਤੱਕ ਨਹੀਂ ਪੜਿਆ । ਕਹਿੰਦੇ ਹਨ ਕਿ ਕਲਾਕਾਰ ਹਮੇਸ਼ਾ ਜਿੰਦਾ ਰਹਿੰਦੇ ਹਨ । ਭਾਵੇਂ ਉਹ ਸ਼ਰੀਰ ਦੇ ਪੱਖੋਂ ਦੁਨੀਆ ਵਿੱਚ ਹੋਣ ਚਾਹੇ ਨਾ ਹੋਣ । ਇਸ ਤਰ੍ਹਾਂ ਡੀ ਵੀ ਆਪਣੀ ਇਸ ਛੋਟੀ ਜਿਹੀ ਕੋਸ਼ਿਸ਼ ਕਰਕੇ ਇਸ ਨਾਵਲ ਨੂੰ ਪੜਣ ਵਾਲੇ ਦੇ ਦਿਲ ਵਿੱਚ ਵੱਸ ਗਿਆ ਤੇ ਅਮਰ ਹੈ । ਉਹ ਆਪਣੀ ਮਾਂ ਦੇ ਸੁਪਨਾ ਪੂਰਾ ਕਰ ਦਿੰਦਾ ਹੈ । ਤੇ ਉਸਦੀ ਮਾਂ ਦੀ ਰੂਹ ਨੂੰ ਵੀ ਕਿਤੇ ਨਾ ਕਿਤੇ ਚੈਨ ਮਿਲ ਹੀ ਗਿਆ ਹੋਵੇਗਾ ।
        ਇਸ ਨਾਵਲ ਵਿੱਚ ਔਰਤ ਹਰ ਇੱਕ ਪੱਖ ਨੂੰ ਬਖੂਬੀ ਚਿੱਤਰਿਆ ਗਿਆ ਹੈ । ਚਾਹੇ ਉਹ ਮਾਂ, ਭੈਣ, ਪਤਨੀ, ਬੇਟੀ, ਦੋਸਤ ਜਾਂ ਫਿਰ ਰਖੈਲ ਹੀ ਕਿਉਂ ਨਾ ਹੋਵੇ । ਜਦੋਂ ਕੋਈ ਵੀ ਇਹ ਨਾਵਲ ਪੜੇਗਾ ਤਾਂ ਇਹ ਨਾਵਲ ਪੜਨ ਵਾਲੇ ਤੇ ਡੂੰਘੀ ਛਾਪ ਜ਼ਰੂਰ ਛੱਡੇਗਾ । ਇਸ ਦੇ ਪਾਤਰ ਇਸ ਤਰ੍ਹਾਂ ਲੱਗਦੇ ਹਨ ਕਿ ਅੱਖਾਂ ਦੇ ਸਾਹਮਣੇ ਕੋਈ ਫਿਲਮ ਜਾਂ ਸਟੇਜ ਸ਼ੋਅ ਵਿੱਚ ਆਪਣੀ ਕਹਾਣੀ ਬਿਆਨ ਕਰ ਰਹੇ ਹੋਣ । ਇਸ ਦਾ ਵਾਤਾਵਰਨ ਪੜਨ ਵਾਲੇ ਦੇ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਜਿਹੋ ਜਿਹਾ ਕਿ ਨਾਵਲ ਵਿੱਚ ਦਿਖਾਇਆ ਗਿਆ ਹੈ । ਪੜ੍ਹਨ ਵਾਲਾ ਪੂਰੀ ਤਰ੍ਹਾਂ ਨਾਵਲ ਵਿੱਚ ਖੋ ਜਾਂਦਾ ਹੈ ਤੇ ਉਸਦੀ ਦਿਲਚਸਪੀ ਵੱਧਦੀ ਹੀ ਜਾਂਦੀ ਹੈ । ਇਸਦੇ ਪਾਤਰ ਪੜ੍ਹਨ ਵਾਲੇ ਨੂੰ ਭਾਵੁਕ ਕਰ ਦਿੰਦੇ ਹਨ । ਕੋਈ ਪੜ੍ਹਨ ਵਾਲਾ ਅਜਿਹਾ ਨਹੀਂ ਹੋਵੇਗਾ ਜਿਸਨੂੰ ਇਹ ਨਾਵਲ ਭਾਵੁਕ ਨਾ ਕਰੇ ਅਤੇ ਉਸਦੇ ਅੰਦਰ ਨੂੰ ਨਾ ਹਿਲਾਵੇ ।
        ਇਸ ਨਾਵਲ ਨੂੰ ਪੜ੍ਹ ਕੇ ਹਰ ਇਨਸਾਨ ਦੀ ਆਪਣੀ ਕਹਾਣੀ ਸਾਹਮਣੇ ਆ ਜਾਂਦੀ ਹੈ । ਕਿ ਉਹ ਜਿੰਦਗੀ ਵਿੱਚ ਸੰਘਰਸ਼ ਕਰਦਾ ਹੀ ਚਲਾ ਜਾਂਦਾ ਹੈ । ਜੇਕਰ ਉਸਦੀ ਮਿਹਨਤ ਸੱਚੀ ਹੈ ਤਾਂ ਉਹ ਚਾਹੇ ਜਿਉਂਦਾ ਰਵੇ ਭਾਂਵੇ ਮਰਕੇ ਵੀ ਲੋਕਾਂ ਤੇ ਆਪਣਾ ਪ੍ਰਭਾਵ ਜ਼ਰੂਰ ਛੱਡੇਗਾ ।
        ਇਸ ਨਾਵਲ ਦੀ ਹਰੇਕ ਘਟਨਾ ਇੱਕ ਦੂਸਰੇ ਨਾਲ ਜੁੜੀ ਹੋਈ ਹੈ । ਹਰ ਪਾਤਰ ਕਿਸੇ ਨਾ ਕਿਸੇ ਪੱਖੋਂ ਦੁਖੀ ਹੈ । ਇਸੇ ਤਰ੍ਹਾਂ ਜੇ ਅਸੀਂ ਆਪਣੇ ਆਲੇ-ਦੁਆਲੇ ਦੇਖੀਏ ਤਾਂ ਕੋਈ ਵੀ ਸੁਖੀ ਨਹੀਂ ਹੈ ।
        ਜਦੋਂ ਡੀ ਦੀ ਮਾਂ ਉਸਨੂੰ ਬਾਹਰ ਭੇਜ ਦਿੰਦੀ ਹੈ ਤਾਂ ਉਸਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਹਨ । ਉਸਦੀ ਦੋਸਤ(ਪਤਨੀ) ਉਸਨੂੰ ਆਪਣੀ ਕਹਾਣੀ ਸੁਣਾਉਂਦੀ ਹੈ । ਤੇ ਜਦੋਂ ਡੀ ਨੂੰ ਉਸਦੀ ਭੈਣ, ਮਾਂ ਅਤੇ ਪਿਤਾ ਦੀ ਕਹਾਣੀ ਪਤਾ ਚੱਲਦੀ ਹੈ ਕਿ ਉਸਦੀ ਮਾਂ ਨੇ ਉਸ ਲਈ ਕੀ-ਕੀ ਕੁਰਬਾਨੀਆਂ ਦਿੱਤੀਆਂ ਹਨ । ਫਿਰ ਉਸਦੇ ਕਈ ਦਿਨ ਭੁੱਖੇ ਰਹਿਣਾਤੇ ਚੋਰੀ ਦੇ ਰਾਹ ਤੇ ਚਲੇ ਜਾਣਾ, ਫਿਰ ਜੇਲ ਵਿੱਚ ਦਿਨ ਕੱਡਣੇ ਅਤੇ ਅੰਤ ਵਿੱਚ ਆਪਣੀ ਪੂਰੀ ਜਿੰਦਗੀ ਨੂੰ ਸਫਿਆਂ ਤੇ ਉਤਾਰ ਕੇ ਆਪਣੀ ਮਾਂ ਦੀ ਗੋਦ ਵਿੱਚ ਬੈਠ ਕੇ ਹਮੇਸ਼ਾ ਲਈ ਉਸਦੇ ਕੋਲ ਚਲੇ ਜਾਣਾ । ਸਭ ਕੁਝ ਪੜ੍ਹਨ ਵਾਲੇ ਦੀਆਂ ਅੱਖਾਂ ਵਿੱਚੋਂ ਮੋਤੀ ਬਣਕੇ ਕਿਰਦਾ ਹੈ । ਜਦੋਂ ਆਪਣੀ ਮਾਂ ਦੀ ਗੋਦ ਵਿੱਚ ਹਮੇਸ਼ਾ ਲਈ ਚਲਾ ਜਾਂਦਾ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਉਸਦੀ ਮਾਂ ਉਸਤੋਂ ਬਹੁਤ ਖੁਸ਼ ਹੈ । ਕਿ ਉਹ ਜਿੰਦਗੀ ਦੀ ਜੰਗ ਵਿੱਚ ਜਿੱਤ ਕੇ ਹੁਣ ਆਰਾਮ ਕਰਨ ਲਈ ਉਸਦੀ ਗੋਦ ਵਿੱਚ ਸਮਾ ਗਿਆ ਹੈ ।
        ਇਨਸਾਨ ਆਪਣੀ ਜਿੰਦਗੀ ਬਨਾਉਣ ਦੀ ਖਾਤਿਰ ਜਿੰਦਗੀ ਜਿਉਣਾ ਭੁੱਲ ਜਾਂਦਾ ਹੈ ਤੇ ਹਮੇਸ਼ਾ ਦੁੱਖਾਂ ਅਤੇ ਸੁੱਖਾਂ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ । ਆਪਣੇ ਰਿਸ਼ਤਿਆਂ ਤੋਂ ਦੂਰ ਰਹਿੰਦਾ ਹੈ । ਇੱਕ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਉਹ ਆਪਣਾ ਇਮਾਨ ਵੀ ਵੇਚ ਦਿੰਦਾ ਹੈ । ਸਿਰਫ ਤੇ ਸਿਰਫ ਆਪਣੇ ਆਪਨੂੰ ਮਸ਼ਹੂਰ ਕਰਨ ਦੇ ਲਈ । ਉਹ ਜਿੰਦਗੀ ਦੀ ਤੇਜ਼ ਰਫਤਾਰ ਵਿੱਚ ਫਸਿਆ ਰਹਿੰਦਾ ਹੈ ।
        ਕਹਿੰਦੇ ਹਨ “ਦਿਲ ਦਰਿਆ ਸਮੁੰਦਰੋਂ ਡੂੰਘੇ” ਇਸ ਵਿੱਚ ਅਟੱਲ ਸੱਚਾਈ ਹੈ । ਕਦੇ ਆਸਮਾਨ ਦੇ ਤਾਰਿਆਂ ਦੀ ਗਿਣਤੀ ਹੋ ਜਾਵੇਗੀ ਤੇ ਸਾਗਰ ਦੇ ਪਾਣੀ ਦੀ ਡੂੰਘਾਈ ਵੀ ਮਾਪ ਲਈ ਜਾਵੇਗੀ । ਪਰ ਕਦੇ ਵੀ ਦਿਲ ਦੀ ਡੂੰਘਾਈ ਨਹੀਂ ਮਾਪ ਸਕਦੇ । ਜੇ ਨਾਵਲ ਵਿੱਚ ਦੇਖਿਆ ਜਾਵੇ ਤਾਂ ਡੀ ਦਾ ਜੀਵਨ ਦੁੱਖਾਂ ਨਾਲ ਭਰਿਆ ਹੋਇਆ ਹੈ ਤੇ ਉਸਨੂੰ ਮਿਲਣ ਵਾਲੇ ਵੀ ਕਿਤੇ ਨਾ ਕਿਤੇ ਦੁਖੀ ਹੀ ਹਨ । ਉਹ ਸਾਰੇ ਆਪਣੀ ਜਿੰਦਗੀ ਤੋਂ ਭੱਜ ਰਹੇ ਹਨ ਤੇ ਆਪਣਾ ਨਵਾਂ ਸੰਸਾਰ ਵਸਾਉਣਾ ਚਾਹੁੰਦੇ ਹਨ । ਡੀ ਨੂੰ ਭਾਵੇਂ ਸਫਲਤਾ ਨਹੀਂ ਮਿਲਦੀ ਪਰ ਫਿਰ ਵੀ ਉਸਨੇ ਆਪਣੇ ਨਾਵਲ ਵਿੱਚ ਆਪਣੀ ਜਿੰਦਗੀ ਸਾਂਝੀ ਕਰਕੇ ਆਪਣੇ ਆਪ ਨੂੰ ਇੱਕ ਅਸਫਲ ਆਰਟਿਸਟ ਕਰਾਰ ਦਿੰਦੇ ਹੋਏ ਅਮਰ ਕਰਵਾ ਹੀ ਲਿਆ ਹੈ ਤੇ ਇਸ ਨਾਵਲ ਨਾਲ ਉਸਨੂੰ ਪਹਿਚਾਣ ਮਿਲ ਹੀ ਗਈ ਹੈ ।
        ਇਸ ਨਾਵਲ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅਤੇ ਦੁੱਖਾਂ ਨਾਲ ਕਿਵੇਂ ਲੜ੍ਹਨਾ ਹੈ ਇਸ ਬਾਰੇ ਵੀ ਪਤਾ ਲੱਗਦਾ ਹੈ ।
-                                                                                                    ਵੀਰਪਾਲ ਕੌਰ
                                                ਪ੍ਰੋਫੈਸਰ - ਐੱਲ.ਪੀ.ਯੂ.(ਬੁਢਲਾਡਾ)